Wednesday, April 02, 2025

National

ਅਗਨੀਪਥ ਸਕੀਮ ਦੇ ਵਿਰੋਧ `ਚ ਦੇਸ਼ ਦੇ 6 ਸੂਬਿਆਂ `ਚ ਪ੍ਰਦਰਸ਼ਨ, ਟਰੇਨਾਂ ਨੂੰ ਲਾਈ ਅੱਗ

Agneepath scheme

June 16, 2022 06:11 PM

ਨਵੀਂ ਦਿੱਲੀ : ਫ਼ੌਜ `ਚ ਭਰਤੀ ਨੂੰ ਲੈਕੇ ਕੇਂਦਰ ਸਰਕਾਰ ਵੱਲੋਂ ਅਗਨੀਪਥ ਸਕੀਮ ਲਿਆਂਦੀ ਗਈ ਹੈ। ਜਿਸ ਦੇ ਖ਼ਿਲਾਫ਼ ਦੇਸ਼ ਭਰ ਦੇ ਕਈ ਸੂਬਿਆਂ `ਚ ਹਿੰਸਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਬਿਹਾਰ `ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ ਕੀਤਾ ਗਿਆ ਅਤੇ ਨਾਲ ਹੀ ਟਰੇਨ ਨੂੰ ਅੱਗ ਲਗਾ ਦਿੱਤੀ ਗਈ। ਇਸ ਤੋਂ ਇਲਾਵਾ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਉੱਤਰਾਖੰਡ ਵਿੱਚ ਇਸ ਸਕੀਮ ਦੇ ਵਿਰੋਧ `ਚ ਲੋਕ ਸੜਕਾਂ `ਤੇ ਉੱਤਰ ਆਏ।  ਜ਼ਿਕਰਯੋਗ ਹੈ ਕਿ ਅਗਨੀਪਥ ਸਕੀਮ ਦੀ ਸਭ ਤੋਂ ਜ਼ਿਆਦਾ ਖ਼ਿਲਾਫ਼ਤ ਬਿਹਾਰ `ਚ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਨੂੰ ਇੱਥੋਂ ਦੇ ਮੁਜ਼ੱਫ਼ਰਪੁਰ ਤੇ ਬਕਸਰ `ਚ ਭਾਰੀ ਪ੍ਰਦਰਸ਼ਨ ਹੋਇਆ ਸੀ। ਪ੍ਰਦਰਸ਼ਨ ਦੇ ਚੱਲਦੇ ਜਿਥੇ ਟਰੇਨਾਂ ਦੀ ਆਵਾਜਾਈ ਰੋਕਣੀ ਪਈ, ਉਥੇ ਹੀ ਦੂਜੇ ਪਾਸੇ ਨੈਸ਼ਨਲ ਹਾਈਵੇ ਨੂੰ ਵੀ ਜਾਮ ਕਰ ਦਿਤਾ ਗਿਆ ਹੈ। ਬਿਹਾਰ ਦੇ ਕੈਮੂਰ ਭਭੂਆ ਰੋਡ ਰੇਲਵੇ ਸਟੇਸ਼ਨ `ਤੇ ਆਰਮੀ ਦੀ ਤਿਆਰੀ ਕਰ ਰਹੇ ਜਵਾਨਾਂ ਨੇ ਇੰਟਰਸਿਟੀ ਐਕਸਪ੍ਰੈੱਸ ਨੂੰ ਅੱਗ ਦੇ ਹਵਾਲੇ ਕਰ ਦਿਤਾ। ਇਸ ਦੇ ਨਾਲ ਹੀ ਸਟੇਸ਼ਨ ਪਲੇਟਫ਼ਾਰਮ `ਤੇ ਭੰਨ੍ਹ ਤੋੜ ਵੀ ਕੀਤੀ ਗਈ। ਉੱਧਰ ਆਰਾ ਸਟੇਸ਼ਨ `ਤੇ ਵੀ ਪਥਰਾਅ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। 2 ਨੰਬਰ ਪਲੇਟਫ਼ਾਰਮ `ਤੇ ਮੁਸਾਫ਼ਰਾਂ ਵਿਚਾਲੇ ਭਗਦੜ ਵੀ ਹੋਈ, ਜਦਕਿ ਬਕਸਰ ਵਿੱਚ ਹਿੰਸਕ ਪ੍ਰਦਰਸ਼ਨਕਾਰੀਆਂ ਵੱਲੋਂ ਡੁਮਰਾਓ ਰੇਲਵੇ ਸਟੇਸ਼ਨ ਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ। ਇਸ ਦੇ ਨਾਲ ਹੀ ਸੁਵਿਧਾ ਐਕਸਪ੍ਰੈੱਸ ਦੀ ਏਸੀ ਬੋਗੀ ਦੇ ਸ਼ੀਸ਼ੇ ਤੋੜਨ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। 

Have something to say? Post your comment