ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਬੇਮਿਨਾ ਇਲਾਕੇ 'ਚ ਪੁਲਿਸ ਨੇ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਵਿਜੇ ਕੁਮਾਰ ਨੇ ਇਸ ਨੂੰ ਵੱਡੀ ਸਫ਼ਲਤਾ ਕਰਾਰ ਦਿੰਦਿਆਂ ਕਿਹਾ ਕਿ ਮਿਲੇ ਦਸਤਾਵੇਜ਼ਾਂ ਮੁਤਾਬਕ ਇੱਕ ਅੱਤਵਾਦੀ ਦੀ ਪਛਾਣ ਪਾਕਿਸਤਾਨ ਦੇ ਫ਼ੈਸਲਾਬਾਦ ਦੇ ਰਹਿਣ ਵਾਲੇ ਅਬਦੁੱਲਾ ਘੋਰੀ ਵਜੋਂ ਹੋਈ ਹੈ। ਦੂਜੇ ਦੀ ਪਛਾਣ ਅਨੰਤਨਾਗ ਜ਼ਿਲ੍ਹੇ ਦੇ ਆਦਿਲ ਹੁਸੈਨ ਮੀਰ ਉਰਫ਼ ਸੂਫ਼ੀਆਨ ਵਜੋਂ ਹੋਈ ਹੈ।ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਅੱਤਵਾਦੀਆਂ ਦਾ ਉਹੀ ਸਮੂਹ ਸੀ ਜੋ ਸੋਪੋਰ ਮੁਕਾਬਲੇ ਤੋਂ ਬਚ ਗਿਆ ਸੀ। ਅਸੀਂ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਹੈਂਡਲਰਜ਼ ਨੇ ਅਨੰਤਨਾਗ ਦੇ ਪਹਿਲਗਾਮ ਦੇ ਰਹਿਣ ਵਾਲੇ ਅੱਤਵਾਦੀ ਆਦਿਲ ਹੁਸੈਨ ਮੀਰ ਦੇ ਨਾਲ ਲਸ਼ਕਰ ਦੇ ਦੋ ਅੱਤਵਾਦੀਆਂ ਨੂੰ ਭੇਜਿਆ ਸੀ। ਇਹ ਸਾਰੇ 2018 ਤੋਂ ਪਾਕਿਸਤਾਨ 'ਚ ਸਨ ਅਤੇ ਅਮਰਨਾਥ ਯਾਤਰਾ 'ਤੇ ਹਮਲਾ ਕਰਨ ਦੀ ਤਿਆਰੀ 'ਚ ਸਨ। ਤਿੰਨੋਂ ਮਾਰੇ ਗਏ ਹਨ।" 7 ਜੂਨ ਨੂੰ ਪਾਕਿਸਤਾਨ ਦੇ ਲਾਹੌਰ ਦੇ ਹੰਜ਼ਾਲਾ ਵਿੱਚ ਰਹਿਣ ਵਾਲੇ ਇੱਕ ਅੱਤਵਾਦੀ ਨੂੰ ਸੋਪੋਰ ਵਿੱਚ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਸੀ।