ਮੁੰਬਈ : ਬਾਲੀਵੁੱਡ 'ਤੇ ਇੱਕ ਵਾਰ ਫਿਰ ਡਰੱਗਜ਼ ਮਾਮਲੇ ਨੂੰ ਲੈ ਕੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਹੈ। ਡਰੱਗ ਮਾਮਲੇ 'ਚ ਕਈ ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆਏ ਸਨ। ਕਈ ਸੈਲੇਬਸ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਹੁਣ ਇਸ ਲਿਸਟ 'ਚ ਇੱਕ ਹੋਰ ਨਾਂ ਸਾਹਮਣੇ ਆਇਆ ਹੈ। ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਪੁਲਿਸ ਨੇ ਬੈਂਗਲੁਰੂ 'ਚ ਹਿਰਾਸਤ 'ਚ ਲੈ ਲਿਆ ਹੈ। ਸਿਧਾਂਤ 'ਤੇ ਡਰੱਗ ਲੈਣ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਇੱਕ ਹੋਟਲ ਵਿੱਚ ਛਾਪਾ ਮਾਰਿਆ ਜਿੱਥੋਂ ਸਿਧਾਂਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਬੈਂਗਲੁਰੂ ਪੁਲਿਸ ਨੇ ਐਤਵਾਰ ਰਾਤ ਨੂੰ ਇੱਕ ਪੰਜ ਤਾਰਾ ਹੋਟਲ ਵਿੱਚ ਛਾਪਾ ਮਾਰਿਆ ਸੀ। ਜਿੱਥੇ ਹਾਈ ਪ੍ਰੋਫਾਈਲ ਡਰੱਗਜ਼ ਪਾਰਟੀ ਹੋ ਰਹੀ ਸੀ। ਇਸ ਪਾਰਟੀ 'ਚ 35 ਲੋਕਾਂ ਦੇ ਖੂਨ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 6 ਲੋਕਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਸਿਧਾਂਤ ਵੀ ਛੇ ਲੋਕਾਂ ਵਿੱਚ ਸ਼ਾਮਲ ਹੈ। ਭੀਮਾਸ਼ੰਕਰ ਐਸ ਗੁਲੇਦ, ਡੀਐਸਪੀ, ਬੈਂਗਲੁਰੂ ਸਿਟੀ, ਈਸਟ ਡਿਵੀਜ਼ਨ ਨੇ ਕਿਹਾ ਹੈ ਕਿ ਸਿਧਾਂਤ ਕਪੂਰ ਦਾ ਡਰੱਗ ਟੈਸਟ ਪੌਜ਼ੇਟਿਵ ਆਇਆ ਹੈ ਤੇ ਉਸ ਨੂੰ ਉਲਸੂਰ ਥਾਣੇ ਲਿਆਂਦਾ ਗਿਆ ਹੈ।