Shot Put National Record: ਭਾਰਤੀ ਅਥਲੀਟ ਮਨਪ੍ਰੀਤ ਕੌਰ ਡੋਪਿੰਗ ਲਈ ਚਾਰ ਸਾਲ ਦੀ ਪਾਬੰਦੀ ਦਾ ਸਾਹਮਣਾ ਕਰਨ ਤੋਂ ਬਾਅਦ ਪਿਛਲੇ ਸਾਲ ਖੇਡਾਂ ਵਿੱਚ ਵਾਪਸ ਆਈ ਸੀ। ਹੁਣ ਇਸ ਸੀਨੀਅਰ ਅਥਲੀਟ ਨੇ ਸ਼ਾਟਪੁੱਟ 'ਚ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਹੈ। ਮਨਪ੍ਰੀਤ ਨੇ ਚੇਨਈ ਵਿੱਚ ਚੱਲ ਰਹੀ ਨੈਸ਼ਨਲ ਇੰਟਰ ਸਟੇਟ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਆਪਣਾ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਮਨਪ੍ਰੀਤ ਨੇ ਚੌਥੀ ਕੋਸ਼ਿਸ਼ ਵਿੱਚ 18.06 ਮੀਟਰ ਥਰੋਅ ਕੀਤਾ। ਇਸ ਨਾਲ ਉਹ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਹੈ, ਜਿਸ ਨੇ 18 ਮੀਟਰ ਦੀ ਦੂਰੀ ਨੂੰ ਪਾਰ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2015 ਵਿੱਚ ਕੌਰ ਨੇ 17.96 ਮੀਟਰ ਥਰੋਅ ਕਰਕੇ ਕੌਮੀ ਰਿਕਾਰਡ ਬਣਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (AFI) ਨੇ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕਰਨ ਲਈ ਭਾਰਤੀ ਖਿਡਾਰੀਆਂ ਲਈ 17.76 ਮੀਟਰ ਦਾ ਮਾਪਦੰਡ ਤੈਅ ਕੀਤਾ ਹੈ।
ਮਨਪ੍ਰੀਤ ਕੌਰ ਨੇ ਸਾਲ 2017 ਵਿੱਚ 18.86 ਮੀਟਰ ਦੀ ਰਿਕਾਰਡ ਦੂਰੀ ਸੁੱਟੀ ਸੀ। ਪਰ ਡੋਪਿੰਗ ਟੈਸਟ 'ਚ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਉਸ ਦਾ ਸਕੋਰ ਰਿਕਾਰਡ ਬੁੱਕ ਤੋਂ ਹਟਾ ਦਿੱਤਾ ਗਿਆ। 2017 ਦੀ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਉਸ ਨੂੰ ਮਿਲਿਆ ਗੋਲਡ ਮੈਡਲ ਵੀ ਡੋਪਿੰਗ ਕਾਰਨ ਵਾਪਸ ਲੈ ਲਿਆ ਗਿਆ ਸੀ। ਉਸ 'ਤੇ 2017 ਤੋਂ ਹੀ ਪਾਬੰਦੀ ਲਗਾਈ ਗਈ ਸੀ, ਜੋ ਪਿਛਲੇ ਸਾਲ ਖਤਮ ਹੋ ਗਈ ਸੀ। ਮਨਪ੍ਰੀਤ ਫਿਰ ਸਤੰਬਰ 2021 ਵਿੱਚ ਖੇਡਾਂ ਵਿੱਚ ਵਾਪਸ ਪਰਤਿਆ।