ਟੋਰਾਂਟੋ : ਕੈਨੇਡਾ ’ਚ ਹਰ ਸਿਗਰਟ ’ਤੇ ਸਿਹਤ ਸਬੰਧੀ ਚਿਤਾਵਨੀ ਛਾਪਣਾ ਲਾਜ਼ਮੀ ਹੋਣ ਵਾਲਾ ਹੈ। ਅਜਿਹਾ ਕਦਮ ਚੁੱਕਣ ਵਾਲਾ ਉਹ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ। ਦੋ ਦਹਾਕੇ ਪਹਿਲਾਂ ਕੈਨੇਡਾ ’ਚ ਤੰਬਾਕੂ ਦੇ ਪੈਕਟ ’ਤੇ ਗ੍ਰਾਫਿਕ ਤਸਵੀਰ ਵਾਲੀ ਚਿਤਾਵਨੀ ਛਾਪਣ ਦੀ ਨੀਤੀ ਅਪਣਾਈ ਗਈ ਸੀ, ਜਿਸ ਨੂੰ ਬਾਅਦ ’ਚ ਦੁਨੀਆ ਭਰ ਨੇ ਅਪਣਾਇਆ। ਕੈਨੇਡਾ ਦੇ ਇਕ ਮੰਤਰੀ ਕੈਰੋਲਿਨ ਬੈਨੇਟ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ, ‘ਅਸੀਂ ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰਨਾ ਹੈ ਕਿ ਇਨ੍ਹਾਂ ਸੰਦੇਸ਼ਾਂ ਦਾ ਅਸਰ ਘੱਟ ਹੋ ਗਿਆ ਹੈ। ਹਰ ਤੰਬਾਕੂ ਉਤਪਾਦ ’ਤੇ ਸਿਹਤ ਸਬੰਧੀ ਚਿਤਾਵਨੀ ਲਿਖ ਕੇ ਯਕੀਨੀ ਬਣਾਇਆ ਜਾ ਸਕੇੇਗਾ ਕਿ ਇਹ ਜ਼ਰੂਰੀ ਸੰਦੇਸ਼ ਹਰ ਵਿਅਕਤੀ ਤਕ ਪੁੱਜੇ। ਇਨ੍ਹਾਂ ’ਚ ਉਹ ਨੌਜਵਾਨ ਵੀ ਸ਼ਾਮਲ ਹਨ, ਜਿਹਡ਼ੇ ਇਕੋ ਵਾਰੀ ’ਚ ਸਿਗਰਟ ਪੀ ਲੈਂਦੇ ਹਨ ਤੇ ਪੈਕਟ ’ਤੇ ਲਿਖੀ ਚਿਤਾਵਨੀ ਨਹੀਂ ਦੇਖ ਸਕਦੇ।’ ਇਸ ਤਜਵੀਜ਼ ’ਤੇ ਸ਼ਨਿਚਰਵਾਰ ਨੂੰ ਚਰਚਾ ਹੋਵੇਗੀ। ਸਰਕਾਰ ਨੂੰ ਉਮੀਦ ਹੈ ਕਿ ਅਗਲੇ ਸਾਲ ਦੇ ਅੰਤ ਤਕ ਇਹ ਨਿਯਮ ਲਾਗੂ ਕਰ ਦਿੱਤਾ ਜਾਵੇਗਾ।