ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲਈ
ਚੰਡੀਗੜ੍ਹ: ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਨੂੰ ਮੁਹਾਲੀ ਜ਼ਿਲ੍ਹੇ ਦੇ ਸੈਕਟਰ-71 ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਪੂਰੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਲਈ ਗਈ ਹੈ। ਇਸ ਦੀ ਜਾਣਕਾਰੀ ਬੰਬੀਹਾ ਗਰੁੱਪ ਦੇ ਦਵਿੰਦਰ ਬੰਬੀਹਾ ਵੱਲੋਂ ਆਪਣੇ ਫੇਸਬੁੱਕ ਪੇਜ ਰਾਹੀਂ ਸਾਂਝੀ ਕੀਤੀ ਗਈ। ਉਨ੍ਹਾਂ ਪੋਸਟ ‘ਚ ਲਿਖਿਆ ਕਿ ਜੋ ਵਿੱਕੀ ਮਿੱਡੂਖੇੜਾ (ਬੱਕਰੇ) ਦਾ ਕਤਲ ਹੋਇਆ, ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੀਤਾ ਗਿਆ ਹੈ, ਇਸ ਨੂੰ ਲੱਕੀ ਵੀਰ ਵੱਲੋਂ ਬਹੁਤ ਸਮਝਾਇਆ ਗਿਆ ਪਰ ਇਸ ਦੇ ਨਾ ਸਮਝਣ ਕਾਰਨ ਸਾਨੂੰ ਇਸ ਦਾ ਕਤਲ ਕਰਨਾ ਪਿਆ। ਵਿੱਕੀ ਮਿੱਡੂਖੇੜਾ ਸਾਡੇ ਐਂਟੀ ਗਰੁੱਪ ਲਾਰੈਂਸ ਬਿਸ਼ਨੋਈ ਨੂੰ ਸਾਰੀ ਜਾਣਕਾਰੀ ਦਿੰਦਾ ਸੀ ਅਤੇ ਇਸ ਨੇ ਹੀ ਗੁਰਲਾਲ ਭਲਵਾਨ, ਰਾਣਾ ਸਿੱਧੂ ਨੂੰ ਮਰਵਾਇਆ ਸੀ। ਇਸ ਦੇ ਨਾਲ ਹੀ ਉਹ ਲਾਰੈਂਸ ਬਿਸ਼ਨੋਈ ਨੂੰ ਕਲਾਕਾਰਾਂ ਅਤੇ ਵੱਡੇ ਬਿਜ਼ਨੈੱਸਮੈਨਾਂ ਦੇ ਨੰਬਰ ਦਿੰਦਾ ਸੀ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਕੰਮ ਵੀ ਕਰਦਾ ਸੀ। ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜੋ ਵੀ ਕਤਲ ਹੁੰਦਾ ਸੀ, ਉਸ ਨੂੰ ਇਹ ਬੰਬੀਹਾ ਗਰੁੱਪ ਨਾਲ ਜੋੜ ਦਿੰਦੇ ਸੀ। ਇਹੀ ਕਾਰਨ ਹੈ ਕਿ ਸਾਨੂੰ ਇਸ ਦਾ ਕਤਲ ਕਰਨਾ ਪਿਆ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਾਜਾਇਜ਼ ਹੀ ਬੰਦੇ ਮਾਰਨੇ ਹੁੰਦੇ ਤਾਂ ਰੋਜ਼ ਹੀ ਉਨ੍ਹਾਂ ਦੇ ਪੋਸਟਰ ਲੱਗਦੇ, ਜਿਨ੍ਹਾਂ ਨੂੰ ਅਸੀਂ ਮਾਰ ਸਕਦੇ ਹਾਂ ਪਰ ਅਸੀਂ ਕਿਸੇ ਵੀ ਨਿਰਦੋਸ਼ ਬੰਦੇ ਨੂੰ ਕੁਝ ਨਹੀਂ ਕਹਿਣਾ। ਇਨ੍ਹਾਂ ਦਾ ਜਾਂ ਕਿਸੇ ਹੋਰ ਦਾ ਕੋਈ ਵੀ ਦੋਸਤ ਹੋ ਸਕਦਾ ਹੈ, ਅਸੀਂ ਉਸ ਨੂੰ ਕੁਝ ਨਹੀਂ ਕਹਿਣਾ ਪਰ ਜੋ ਸਾਡੇ ਖ਼ਿਲਾਫ਼ ਇਨ੍ਹਾਂ ਦਾ ਸਾਥ ਦੇਵੇਗਾ, ਉਸ ਦਾ ਤਾਂ ਫਿਰ ਇਹੀ ਹਾਲ ਹੋਵੇਗਾ। ਦਸ ਦਈਏ ਪੀੜਤ ਪਰਿਵਾਰ ਦੇ ਜਾਣਕਾਰਾਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਉੱਥੇ ਮਾਰਕਿਟ ਨੇੜੇ ਪੀਸੀਆਰ ਦੀ ਗੱਡੀ ਖੜ੍ਹੀ ਸੀ ਪਰ ਪੁਲਿਸ ਦੇ ਤੁਰੰਤ ਹਰਕਤ ਵਿੱਚ ਨਾ ਆਉਣ ਕਾਰਨ ਇਹ ਦੁਖਾਂਤ ਵਾਪਰਿਆ ਹੈ। ਸੂਚਨਾ ਮਿਲਦੇ ਹੀ ਐੱਸਐੱਸਪੀ ਸਤਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਪੀੜਤ ਪਰਿਵਾਰ ਨੂੰ ਮਿਲ ਕੇ ਹਾਦਸੇ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਹਮਲਾਵਰਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ। ਇਸ ਤੋਂ ਪਹਿਲਾਂ ਡੀਐੱਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਅਤੇ ਮਟੌਰ ਥਾਣੇ ਦੇ ਐੱਸਐੱਚਓ ਮਨਫੂਲ ਸਿੰਘ ਵੀ ਮੌਕੇ ’ਤੇ ਪਹੁੰਚੇ।